
ਆਮਿਰ ਖਾਨ ਇਸ ਫ਼ਿਲਮ ਵਿੱਚ ਗੁਲਸ਼ਨ ਨਾਮਕ ਇੱਕ ਅਹੰਕਾਰਪੂਰਨ ਅਤੇ ਬੇਹਿਸ ਬਾਸਕਟਬਾਲ ਕੋਚ ਦੀ ਭੂਮਿਕਾ ਨਿਭਾ ਰਹੇ ਹਨ, ਜਿਸ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕਾਰਨ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਜਾਂਦਾ ਹੈ। ਸਜ਼ਾ ਵਜੋਂ ਉਸਨੂੰ ਇੱਕ ਵਿਸ਼ੇਸ਼ ਜ਼ਰੂਰਤਾਂ ਵਾਲੇ ਟ੍ਰੇਨਿੰਗ ਸੈਂਟਰ ਵਿੱਚ ਕਮੇਊਨਿਟੀ ਸੇਵਾ ਲਈ ਭੇਜਿਆ ਜਾਂਦਾ ਹੈ, ਜਿੱਥੇ ਉਸਨੂੰ ਡਾਊਨ ਸਿੰਡਰੋਮ ਵਾਲੇ ਨੌਜਵਾਨਾਂ ਦੀ ਇੱਕ ਟੀਮ ਨੂੰ ਟੂਰਨਾਮੈਂਟ ਲਈ ਤਿਆਰ ਕਰਨਾ ਹੁੰਦਾ ਹੈ।
ਸ਼ੁਰੂ ਵਿੱਚ ਗੁਲਸ਼ਨ ਇਸ ਕੰਮ ਨੂੰ ਇੱਕ ਸਜ਼ਾ ਵਜੋਂ ਲੈਂਦਾ ਹੈ। ਉਹ ਬੱਚਿਆਂ ਤੋਂ ਦੂਰ ਰਹਿਣਾ ਚਾਹੁੰਦਾ ਹੈ, ਆਪਣੀ ਪਤਨੀ ਸੁਨੀਤਾ (ਜਿਸ ਦਾ ਕਿਰਦਾਰ ਜੇਨੇਲੀਆ ਡਿਸੂਜ਼ਾ ਨਿਭਾ ਰਹੀ ਹੈ) ਦੀ ਭਾਵਨਾਵਾਂ ਦੀ ਇਜ਼ਤ ਨਹੀਂ ਕਰਦਾ ਅਤੇ ਆਪਣੇ ਸੀਨੀਅਰ ਕੋਚ ਨਾਲ ਵੀ ਅਕਸਰ ਟਕਰਾਉਂਦਾ ਰਹਿੰਦਾ ਹੈ। ਪਰ ਜਿਵੇਂ ਜਿਵੇਂ ਉਹ ਸਤਬੀਰ, ਗੁੱਡੂ, ਬੰਟੂ, ਗੋਲੂ ਅਤੇ ਹੋਰ ਬੱਚਿਆਂ ਨਾਲ ਸਮਾਂ ਬਿਤਾਉਂਦਾ ਹੈ, ਉਹ ਉਨ੍ਹਾਂ ਦੇ ਆਤਮ ਵਿਸ਼ਵਾਸ, ਉਤਸ਼ਾਹ ਅਤੇ ਨਿੱਜੀ ਗੁਣਾਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਥੋੜ੍ਹੀ ਹੀ ਦੇਰ ‘ਚ ਇਹ ਕੰਮ ਉਸਦੇ ਦਿਲ ਦੇ ਨੇੜੇ ਪਹੁੰਚ ਜਾਂਦਾ ਹੈ।
2018 ਦੀ ਸਪੇਨੀ ਫ਼ਿਲਮ Campeones ‘ਤੇ ਆਧਾਰਤ ਇਹ ਹਿੰਦੀ ਫ਼ਿਲਮ ਇਕ ਸਕਾਰਾਤਮਕ ਅਤੇ ਭਾਵਨਾਤਮਕ ਮਾਹੌਲ ਬਣਾਈ ਰੱਖਦੀ ਹੈ। ਅਸਲ ਤਬਦੀਲੀ ਗੁਲਸ਼ਨ ਦੇ ਅੰਦਰ ਆਉਂਦੀ ਹੈ, ਬੱਚਿਆਂ ਵਿੱਚ ਨਹੀਂ। ਆਮਿਰ ਖਾਨ ਨੇ ਇੱਕ ਐਸੇ ਕਿਰਦਾਰ ਨੂੰ ਇਮਾਨਦਾਰੀ ਨਾਲ ਨਿਭਾਇਆ ਹੈ ਜੋ ਆਪਣੀਆਂ ਗਲਤੀਆਂ ਤੋਂ ਸਿੱਖਦਾ ਹੈ — ਇਹ ਭੂਮਿਕਾ ਉਨ੍ਹਾਂ ਦੀ ‘ਦਿਲ ਚਾਹਤਾ ਹੈ’ ਵਾਲੀ ਯਾਦ ਤਾਜ਼ਾ ਕਰਾਉਂਦੀ ਹੈ। ਲਾਲ ਸਿੰਘ ਚੱਡਾ ਤੋਂ ਬਾਅਦ ਇਹ ਉਨ੍ਹਾਂ ਦੀ ਇੱਕ ਸ਼ਾਨਦਾਰ ਵਾਪਸੀ ਮੰਨੀ ਜਾ ਸਕਦੀ ਹੈ।